ਇੱਕ ਬੇਰੁਜਗਾਰ ਰੋਜ ਰੋਜ ਨੌਕਰੀ ਲੱਭਣ ਸ਼ਹਿਰ ਜਾਂਦਾ ਤੇ ਨਿਰਾਸ਼ ਹੋ ਕੇ ਮੁੜ ਆਉਂਦਾ !
ਘਰੇ ਆ ਕੇ ਕਪੜੇ ਲਾਹ ਸਿੱਧਾ ਗੁਸਲਖਾਨੇ ਵੜ ਜਾਂਦਾ !
ਅੰਦਰੋਂ ਟੁੱਟੇ ਹੋਏ ਗੇਟ ਦੀ ਝੀਥ ਥਾਣੀ ਆਪਣੀਆਂ ਜੇਬਾਂ ਫਰੋਲਦੀ ਮਾਂ ਨੂੰ ਦੇਖ ਇਹ ਸੋਚ ਕੇ ਪਾਣੀਓਂ ਪਾਣੀ ਹੋ ਜਾਂਦਾ ਕੇ ਸ਼ਇਦ ਜੇਬ ਵਿਚੋਂ ਕੋਈ ਪੈਸਾ ਲੱਭ ਰਹੀ ਹੋਵੇਗੀ !
ਓਧਰ ਪੁੱਤ ਦੀ ਰਗ-ਰਗ ਤੋਂ ਵਾਕਿਫ ਮਾਂ ਅਸਲ ਵਿੱਚ ਇਹ ਸੋਚ ਕੇ ਜੇਬਾਂ ਫਰੋਲ ਰਹੀਂ ਹੁੰਦੀ ਕੇ ਕਿਤੇ ਮੁੰਡਾ "ਸਲਫਾਸ" ਦੀ ਪੁੜੀ ਹੀ ਨਾ ਲੈ ਆਇਆ ਹੋਵੇ ਖਾਣ ਵਾਸਤੇ !
ਇੱਕ ਦਿਨ ਨਿਰਾਸ਼ ਹੋਏ ਨੇ ਸੱਚ-ਮੁੱਚ ਹੀ ਸ਼ਹਿਰੋਂ ਦੁਆਈਆਂ ਵਾਲੀ ਦੁਕਾਨ ਤੋਂ "ਸਲਫਾਸ ਦੀ ਪੁੜੀ " ਮੁੱਲ ਲੈ ਬੋਝੇ ਚ ਪਾ ਲਈ !
ਇਸੇ ਚੱਕਰ ਵਿਚ ਪਿੰਡ ਦੀ ਬੱਸ ਵੀ ਲੰਘ ਗਈ .. ਤੇ ਟਾਂਗੇ ਤੇ ਆਉਂਦੇ ਨੂੰ ਵਾਹਵਾ ਕੁਵੇਲਾ ਹੋ ਗਿਆ ! ਬਰੂਹਾਂ ਟੱਪੀਆਂ ਤਾਂ ਕਿ ਦੇਖਦਾ ਮਾਂ ਉਸਦੀ ਰੋਟੀ ਵਾਲੀ ਥਾਲੀ ਤੇ ਪੱਖੀ ਝਲਦੀ ਝਲਦੀ ਓਥੇ ਹੀ ਸੌਂ ਗਈ ਹੈ !
ਕਿੰਨੀ ਦੇਰ ਸੁੱਤੀ ਹੋਈ ਮਾਂ ਕੋਲ ਬੈਠਾ ਸੋਚਦਾ ਰਿਹਾ ਕੇ ਅੱਜ ਇਹ ਸਾਰਾ ਚੱਕਰ ਹੀ ਮੁੱਕ ਜਾਣਾ ਹੈ !
ਥੋੜੀ ਦੇਰ ਬਾਅਦ ਉਠਿਆ ..ਸਿੱਧਾ ਬਿਸਤਰੇ ਤੇ ਜਾ ਡਿੱਗਾ ਤੇ ਬੋਜਿਓਂ ਸਲਫਾਸ ਦੀ ਪੁੜੀ ਕੱਢ ਮੂੰਹ ਚ ਪਾਉਣ ਹੀ ਲੱਗਾ ਸੀ ਕੇ ਮਾਂ ਬਿਜਲੀ ਵਾੰਗ ਉਡਦੀ ਹੋਈ ਪੁੱਤ ਦੇ ਕਮਰੇ ਵਿਚ ਆਈ ਤੇ ਉਸਦਾ ਮੂੰਹ ਚੁੰਮਦੀ ਹੋਈ ਆਖਣ ਲੱਗੀ ਕੇ ਪੁੱਤ ਉਦਾਸ ਨਾ ਹੋਵੀਂ ਕਦੀ ਜਿੰਦਗੀ ਤੋਂ ..ਇਹ ਉਤਰਾਹ ਚੜਾਹ ਤੇ ਆਉਂਦੇ ਜਾਂਦੇ ਹੀ ਰਹਿੰਦੇ ਨੇ ! ਆਪਣੇ ਪਿਓ ਵਾੰਗ ਕੋਈ ਐਸਾ ਕੰਮ ਨਾ ਕਰ ਲਵੀਂ ....ਮੈਂ ਤੇ ਜਿਉਂਦੇ ਜੀ ਮੁੱਕ ਜੂੰ !
ਨਾਲ ਹੀ ਮਾਂ ਦਾ ਰੋਣ ਨਿੱਕਲ ਗਿਆ !
ਰੋਂਦੀ ਮਾਂ ਨੂੰ ਦੇਖ ਉਹ ਵੀ ਡੁੱਲ ਪਿਆ ਤੇ ਆਖਣ ਲੱਗਾ ..ਜੇ ਏਨਾ ਹੇਜ ਕਰਦੀ ਹੈਂ ਤਾਂ ਸੌਂਹ ਖਾ ਬਾਪੂ ਦੀ ਤੇ ਇੱਕ ਗੱਲ ਦੱਸ ਸਚੋ ਸੱਚ ....ਮੇਰੇ ਸ਼ਹਿਰੋਂ ਆਏ ਦੇ ਖੀਸੇ ਕਿਓਂ ਫਰੋਲਦੀ ਹੁੰਦੀ ਸੀ ਰੋਜ ਰੋਜ ...?
ਅੱਗੋਂ ਕਹਿੰਦੀ ਪੁੱਤ ਬੇਰੁਜਗਾਰੀ ਕੀ ਸ਼ੈ ਹੁੰਦੀ ਹੈ ..ਤੇਰੇ ਪਿਓ ਵੇਲੇ ਦਾ ਯਾਦ ਹੈ ਮੈਨੂੰ ..
ਮੈਂ ਤੇ ਤਤੜੀ ਤੇਰੀਆਂ ਜੇਬਾਂ ਚੋਂ ਸਲਫਾਸ ਦੀਆਂ ਪੁੜੀਆਂ ਲੱਭਦੀ ਹੁੰਦੀ ਸੀ ਕੇ ਜੁਆਨ ਜਹਾਨ ਕਿਤੇ ਕੋਈ ਐਸਾ ਕੰਮ ਨਾ ਕਰ ਲਵੇ ! ਅੱਜ ਤੈਨੂੰ ਉਡੀਕਦੀ ਦੀ ਚੁੱਲੇ ਲਾਗੇ ਹੀ ਅੱਖ ਗਈ ..!
ਹੁਣੇ ਕਾਲਜੇ ਨੂੰ ਧੂਹ ਜਿਹੀ ਪਈ ਤੇ ਵਾਵਰੋਲੇ ਵਾੰਗ ਨੱਸੀ ਆਈ ਤੇਰੇ ਬੋਝੇ ਫਰੋਲਣ !
ਇੱਕ ਹੋਰ ਗੱਲ ਦੱਸਾਂ ਤੈਨੂੰ ... ਤੇਰੀ ਪੱਗ ਚੁੱਕ ਕੇ ਆਪਣਾ ਸਿਰਹਾਣਾ ਨਹੀਂ ਸੀ ਬਣਾਉਂਦੀ ਰੋਜ ਰਾਤ ਨੂੰ ..ਸਗੋਂ ਇਹ ਤੱਸਲੀ ਕਰਦੀ ਹੁੰਦੀ ਸੀ ਕੇ ਕਿਤੇ ਅੱਧੀ ਰਾਤ ਨੂੰ ਬਾਹਰ ਕਿਸੇ ਟਾਹਣ ਨਾਲ ਬੰਨ ਕੇ ਪਿਓਂ ਵਾੰਗ ਲਮਕ ਹੀ ਨਾ ...
ਅੱਗੋਂ ਓਦੇ ਕੋਲੋਂ ਬੋਲਿਆਂ ਹੀ ਨਾ ਗਿਆ !
ਅੱਥਰੂਆਂ ਨਾਲ ਤਰ ਹੋਈਆਂ ਅੱਖਾਂ ਪੂਝਦੇ ਹੋਏ ਨੇ ਮਾਂ ਸਾਮਣੇ ਬੰਦ ਮੂੱਠੀ ਖੋਲ ਦਿੱਤੀ ਤੇ ਆਖਣ ਲੱਗਾ ..ਇਹ ਲੈ ਫੜ ਜੋ ਤੂੰ ਰੋਜ ਰੋਜ ਮੇਰੇ ਖੀਸੇ ਚੋਂ ਲੱਭਦੀ ਹੁੰਦੀ ਸੀ ,ਮਾਫ ਕਰੀਂ ਬੇਬੇ ...ਬੜੀ ਵੱਡੀ ਗਲਤੀ ਹੋ ਚੱਲੀ ਸੀ ਮੈਥੋਂ !
ਅੱਜ ਕਲ ਦੀ ਭੱਜ ਦੌੜ ਵਾਲੀ ਜਿੰਦਗੀ ਵੀ ਕਈ ਵਾਰੀ ਬੜੇ ਬੜੇ ਔਖੇ ਇਮਤਿਹਾਨ ਪਾ ਦਿੰਦੀ ਹੈ ..ਘਬਰਾਇਆ ਹੋਇਆ ਇਨਸਾਨ ਅਕਸਰ ਹੀ ਪੇਪਰ ਅੱਧ ਵਿਚਕਾਰ ਛੱਡ ਕੇ ਦੌੜਨ ਬਾਰੇ ਸੋਚਣ ਲੱਗਦਾ ਹੈ ..ਪਰ ਸੱਚ ਜਾਣਿਓ ਪ੍ਰਮਾਤਮਾਂ ਨੂੰ ਧਿਆ ਕੇ ਸੱਚੇ ਮਨੋਂ ਸੋਚਣ ਨਾਲ ਕਈ ਵਾਰੀ ਔਖੇ ਤੋਂ ਔਖਾ ਪਰਚਾ ਵੀ ਆਸਾਨ ਲੱਗਣ ਲੱਗ ਜਾਂਦਾ ਹੈ !
ਇੱਕ ਹੋਰ ਗੱਲ ...ਪ੍ਰਮਾਤਮਾਂ ਹਰ ਜਗਾ ਨਹੀਂ ਵਿੱਚਰ ਸਕਦਾ ਸੀ ..ਸ਼ਾਇਦ ਇਸੇ ਕਰਕੇ ਹੀ ਉਸਨੇ ਮਾਂ ਦੀ ਸਿਰਜਣਾ ਕੀਤੀ..
No comments:
Post a Comment