Thursday, 19 January 2017

ਬਾਬਾ ਨਾਨਕ.. ਕੱਲ ਰਾਤੀ ਮੇਰੇ ਸੁਪਨੇ ਦੇ ਵਿੱਚ ਆਇਆ..

ਬਾਬਾ ਨਾਨਕ.. ਕੱਲ ਰਾਤੀ
ਮੇਰੇ ਸੁਪਨੇ ਦੇ ਵਿੱਚ ਆਇਆ..
ਕਹਿੰਦੇ ..ਕਾਕਾ ਮੇਰੀ ਸੋਚ ਦਾ
ਆਹ ਕੀ ਹਾਲ ਬਣਾਇਆ ..?

ਮੈਂ ਕਿਹਾ ..ਬਾਬਾ ਜੀ ਅਸੀ
ਆਪਣਾ ਫ਼ਰਜ਼ ਨਿਭਾਈ ਜਾਨੇ ਆ .
ਤੁਹਾਡੀ ਖੁਸ਼ੀ ਲਈ ਰੋਜ਼ ਹੀ..
ਫੋਟੋ ਅੱਗੇ ਮੱਥੇ ਘਸਾਈ ਜਾਨੇ ਆ..!

ਦਾਤਾਂ ਲੈਣ ਲਈ ਤੁਹਾਡੇ ਤੋਂ..
ਤੁਹਾਡੇ ਅੱਗੇ ਧੂਫਾਂ ਧੁਖਾਈ ਜਾਨੇ ਆ..
ਥੋੜੇ ਥੋੜੇ ਸਮੇਂ ਬਾਅਦ..
ਅਖੰਡਪਾਠ ਵੀ ਤਾਂ ਕਰਾਈ ਜਾਨੇ ਆ..!!

ਤੁਹਾਡੇ ਦੁਆਰੇ 'ਤੇ ਵੀ ਅਸੀ
ਕਰੋੜਾ ਰੁਪਏ  ਲਗਾਈ  ਜਾਨੇ ਆ.
ਸੁੱਖਣਾ ਸੁੱਖ ਤੇਰੀ ਬਾਣੀ ਅੱਗੇ..
ਰੇਸ਼ਮੀ ਰੁਮਾਲੇ ਰੋਜ਼ ਚੜਾਈ ਜਾਨੇ ਆ..!!

ਸੁਬਹਾ ਸ਼ਾਮ ਅੱਧਾ ਅੱਧਾ ਘੰਟਾ
ਪਾਠ ਦਾ ਫ਼ਰਜ਼ ਨਭਾਈ  ਜਾਨੇ ਆ..
ਤੁਹਾਡੇ ਜ਼ਨਮ ਦਿਨ 'ਤੇ ਵੀ
ਦੀਵੇ ਬਾਲ.. ਪਟਾਕੇ ਚਲਾਈ ਜਾਨੇ ਆ..!!

ਪਹਿਰਾਵੇ ਭੇਸ 'ਚ ਕੱਚ ਨਾ ਰਹੇ..
ਪੂਰਾ ਦਿੱਖ'ਤੇ ਜੋਰ ਲਗਾਈ ਜਾਨੇ ਆ.
ਤੁਸੀ ਪਤਾ ਨੀ ਕਿਓੰ  ਖੁਸ਼ ਨੀ..
ਅਸੀ ਤਾਂ ਹਰ ਰਸਮ ਨਿਭਾਈ ਜਾਨੇ ਆ..!!

ਬਾਬਾ ਬੋਲਿਆ..
ਮੈਂ ਕਦ ਆਖਿਆ ਸੀ
ਮੇਰੇ ਵਿਚਾਰਾਂ ਨੂੰ ਰੱਟੇ ਲਾਇਓ..
ਮੈਂ ਦੱਸੋ ਕਿੱਥੇ ਲਿਖਿਆ ਏ..
ਭਾੜੇ 'ਤੇ ਮੇਰੇ ਵਿਚਾਰ ਪੜਾਇਓ..!!

ਮੈਂ ਕਦ ਆਖਿਆ ਸੀ..
ਮੇਰੀ ਫੋਟੋ ਨੂੰ ਧੂਫਾਂ ਲਾਇਓ.!

ਮੈਂ ਕਿੱਥੇ ਲਿਖਿਆ ਏ.
ਮੇਰੇ ਦਿਨ 'ਤੇ ਪਟਾਕੇ ਚਲਾਇਓ..!

ਮੇਰੀ ਸਮਝ 'ਚ ਕਿੱਥੇ ਹੈ
ਕਿ  ਮੰਦਰਾਂ 'ਤੇ  ਧੰਨ  ਵਹਾਇਓ.!!

ਮੈਂ ਤਾਂ ਸਿਰਫ ਇਹ ਚਾਹਿਆ ਸੀ..
ਮੇਰੇ  ਵਿਚਾਰਾਂ  ਨੂੰ  ਅਪਨਾਇਓ..

ਮੇਰਾ ਚਿਹਰਾ ਹੋ ਗਿਆ ਬੱਗਾ ਸੀ..
ਮੈਂ ਵਿਚੋਂ ਈ  ਬੋਲਣ  ਲੱਗਾ ਸੀ..
ਪਰ ਫਿਰ ਬਾਬਾ ਬੋਲ ਪਿਆ..

ਤੁਸੀ ਮੈਨੂੰ ਮੰਨੀ ਜਾਨੇ ਆ..
ਪਰ ਮੇਰੀ ਨਹੀਂ ਤੁਸੀ ਮੰਨੀ..!!
ਮੇਰੀ ਸੋਚ--ਵਿਚਾਰਧਾਰਾ ਤੋਂ
ਤੁਸੀ ਸਭ ਖਿਸਕਾਉਦੇ ਕੰਨੀ..!

ਇਕ ਤੁਹਾਥੋਂ ਪਹਿਲਾਂ ਵੇਲਾ ਸੀ..
ਗੁਰਦੁਆਰੇ ਭਾਵੇਂ ਕੱਚੇ ਸੀ..
ਸਿਖਿਆ ਮੇਰੀ ਅਮਲ 'ਚ ਸੀ..
ਤੇ ਸਿੱਖ ਮੇਰੇ ਪੱਕੇ ਤੇ ਸੱਚੇ ਸੀ..!!

ਸੰਗਮਰਮਰ- ਸੋਨੇ ਲਾ ਲਾ ਕੇ..
ਭਾਵੇਂ ਮੇਰੇ ਮੰਦਰ ਪਾ ਲਏ ਪੱਕੇ..
ਦਿਖਾਵੇ ਅਡੰਬਰ ਅਮਲੋਂ ਖਾਲੀ..
ਮੇਰੇ ਸਿੱਖ  ਸਿਖਿਆ  ਤੋਂ  ਕੱਚੇ..!!

ਮੈਂ ਫੋਟੋ-ਬੁੱਤ ਪੂਜਾ ਰੋਕੀ ਸੀ..
ਫੋਟੋ ਮੇਰੀ ਦੀ ਪੂਜਾ ਕਰੀ ਜਾਂਦੇ ਉ..!

ਮੈਂ ਰੋਕਿਆ ਸੀ  ਅੰਧਵਿਸ਼ਵਾਸ਼ਾਂ ਤੋਂ..
ਧਾਗੇ -ਤਵੀਜ਼ਾਂ ਤੋਂ ਡਰੀ ਜਾਂਦੇ ਓੰ..!!

ਮੈਂ  ਜਾਤ- ਗੋਤ  ਛਡਾਈ ਸੀ..
ਤੁਸੀ ਨਾਵਾਂ ਨਾਲ ਸਜਾਓੰਦੇ ਹੋ..!!

ਮੈਂ ਕਿਰਤੀ ਲਾਲੋ ਲੲੀ ਲੜਿਆ  ਸੀ..
ਤੁਸੀ ਭਾਗੋ ਨੂੰ ਜੱਫੀਆਂ ਪਾਓੰਦੇ ਹੋ ..!!

ਮੈ ਕਿਹਾ-ਰਾਜੇ ਸ਼ੀਹ ਮੁਕੱਦਮ ਕੁੱਤੇ..
ਤੁਸੀ ਤਖਤਾਂ' ਤੇ ਬਿਠਾਓੰਦੇ ਹੋ..!!

ਮੈਂ ਸੱਜਣ ਠੱਗ ਭਜਾਏ ਸੀ..
ਤੁਸੀ ਹਾਰ ਤੇ ਵੋਟਾਂ ਪਾਓਂਦੇ ਹੋ..!!

ਛੋੜੇ ਅੰਨ ਕਰੇ ਪਾਖੰਡ ..ਪੜ ਕੇ
ਤੁਸੀ ਖੁਦ ਵੀ ਵਰਤ ਰਖਾਓੰਦੇ ਹੋ..!!

ਵੰਡਕਾਣੀ ਤੇ ਅਨਯਾ ਵੇਖ
ਬੜੀ ਹੀ ਸ਼ਾਤੀ ਨਾਲ ਜਿਉਂਦੇ ਹੋ..

ਪਹਿਰਾਵਾ ਭੇਸ ਹੀ ਸਿੱਖੀ ਨਹੀਂ..
ਤੁਸੀ ਕਿਹਨੂੰ ਬੁੱਧੂ ਬਨਾਓੰਦੇ ਹੋ..?

ਸਿਖਿਆ ਮੇਰੀ ਕੋਈ ਮੰਨੀ ਨਾ..
ਪਰ ਮੇਰੇ ਸਿੱਖ ਕਹਾਉਂਦੇ    ਹੋ ..!!

ਮੇਰੇ ਲਈ ਤਾਂ ਦੋਸਤੋ..
ਇਹ ਝਜੋੜਨ ਵਾਲਾ ਖੂਆਬ ਸੀ..
ਸੁਪਨਾ ਸੀ ਜਾਂ ਸ਼ਾਇਦ..
ਇਹ ..ਮੇਰੀ ਜ਼ਮੀਰ ਦੀ ਹੀ ਅਵਾਜ਼ ਸੀ..!!
      ********
Paramjeet Kaur

No comments:

Post a Comment