1 ਅਗਸਤ : ਸਿੱਖ ਇਤਿਹਾਸ ਵਿਚ ਅਜ ਦਾ ਦਿਨ
(ਡਾ. ਹਰਜਿੰਦਰ ਸਿੰਘ ਦਿਲਗੀਰ)
1863: ਮਹਾਰਾਣੀ ਜਿੰਦਾਂ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਈ
ਲਾਰਡ ਡਲਹੌਜ਼ੀ ਨੇ ਰਾਣੀ ਜਿੰਦਾਂ ਬਾਰੇ ਇਕ ਵਾਰ ਲਿਖਿਆ ਸੀ ਕਿ “ਪੰਜਾਬ ਵਿਚ ਇਕੱਲੀ ਰਾਣੀ ਜਿੰਦ ਕੌਰ ਹੀ ‘ਮਰਦਾਨਗੀ ਵਾਲੀ ਹਸਤੀ’ ਰਖਦੀ ਹੈ।” ਇਹੀ ਕਾਰਨ ਸੀ ਕਿ ਅੰਗਰੇਜ਼ ਉਸ ਤੋਂ ਬਹੁਤ ਡਰਦੇ ਸਨ ਤੇ ਉਸ ਨੂੰ ਕੈਦ ਕਰ ਲਿਆ ਗਿਆ। ਕੁਝ ਚਿਰ ਮਗਰੋਂ, 16 ਮਈ 1848 ਦੇ ਦਿਨ, ਉਸ ਨੂੰ ਇਕ ਕੈਦੀ ਵਜੋਂ, ਬਨਾਰਸ ਲਿਜਾਇਆ ਗਿਆ ਸੀ। ਬਨਾਰਸ ਕਿਲ੍ਹੇ ਵਿੱਚੋਂ ਵੀ ਉਸ ਦਾ ਰਾਬਤਾ ਭਾਈ ਮਹਾਰਾਜ ਸਿੰਘ ਅਤੇ ਚਤਰ ਸਿੰਘ ਅਟਾਰੀਵਾਲਾ ਨਾਲ ਬਣਿਆ ਹੋਇਆ ਸੀ। ਜਦ ਇਸ ਗੱਲ ਦਾ ਪਤਾ ਅੰਗਰੇਜ਼ਾਂ ਨੂੰ ਲੱਗਿਆ ਤਾਂ ਉਨ੍ਹਾਂ ਨੇ ਰਾਣੀ ਦੀ ਸਕਿਉਰਿਟੀ ਵਧਾਉਣ ਦੀ ਬਜਾਏ ਉਸ ਨੂੰ ਹਿੰਦੂਸਤਾਨ (ਹੁਣ ਯੂ.ਪੀ.) ਵਿਚ ਚਿਨਾਰ ਦੇ ਸਭ ਤੋਂ ਵਧ ਮਹਿਫ਼ੂਜ਼ ਕਿਲ੍ਹੇ ਵਿਚ ਭੇਜਣ ਦਾ ਫ਼ੈਸਲਾ ਕਰ ਲਿਆ। ਇਹ ਗੱਲ ਮਾਰਚ 1849 ਦੇ ਅਖ਼ੀਰਲੇ ਦਿਨਾਂ ਦੀ ਹੈ। ਜਦ ਰਾਣੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਰੋਣ ਲਗ ਪਈ ਤੇ ਇਸ ਦਾ ਡੱਟਵਾਂ ਵਿਰੋਧ ਕੀਤਾ। ਜਦ ਉਸ ਨੂੰ ਜ਼ਬਰਦਸਤੀ ਲਿਜਾਉਣ ਦੀ ਧਮਕੀ ਦਿੱਤੀ ਗਈ ਤਾਂ ਮਜਬੂਰਨ ਉਸ ਨੂੰ ਜਾਣਾ ਪਿਆ। ਉਸ ਨੂੰ ਚਿਨਾਰ ਪਹੁੰਚਾਉਣ ਵਾਸਤੇ ਇਕ ਵੱਡੀ ਫ਼ੌਜ ਵੀ ਨਾਲ ਭੇਜੀ ਗਈ। ਇਸ ਫ਼ੌਜ ਦੀ ਅਗਵਾਈ ਮੇਜਰ ਮੈਕਗਰੈਗਰ ਖ਼ੁਦ ਆਪ ਕਰ ਰਿਹਾ ਸੀ। ਚਿਨਾਰ ਪਹੁੰਚ ਕੇ ਮੇਜਰ ਮੈਕਗਰੇਗਰ ਨੇ ਰਾਣੀ ਨੂੰ ਕੈਪਟਨ ਰੀਅਸ ਦੇ ਹਵਾਲੇ ਕਰਦਿਆਂ ਕਿਹਾ ਕਿ ਉਹ ਰਾਣੀ ਦੀ ਆਵਾਜ਼ ਪਛਾਣ ਲਵੇ ਅਤੇ ਹਰ ਰੋਜ਼ ਅੰਦਰ ਜਾ ਕੇ ਉਸ ਦੀ ਕੋਠੜੀ ਵਿਚ ਉਸ ਨੂੰ ਵੇਖ ਕੇ ਆਵੇ। ਕਿਉਂਕਿ ਰਾਣੀ ਨੇ ਪਰਦੇ ਵਿਚ ਹੋਣਾ ਸੀ, ਉਸ ਨੂੰ ਉਸ ਦੀ ਆਵਾਜ਼ ਤੋਂ ਪਛਾਣਿਆ ਜਾਣਾ ਸੀ। 5 ਤੋਂ 15 ਅਪਰੈਲ 1849 ਤਕ ਕੈਪਟਨ ਰੀਅਸ ਹਰ ਰੋਜ਼ ਰਾਣੀ ਦੇ ਕਮਰੇ ਵਿਚ ਜਾ ਕੇ ਉਸ ਦੀ ਆਵਾਜ਼ ਦੀ ਸ਼ਨਾਖ਼ਤ ਕਰ ਕੇ ਉਸ ਦੀ ‘ਹਾਜ਼ਰੀ’ ਲਾਉਂਦਾ ਰਿਹਾ।ਦਰਅਸਲ ਰਾਣੀ ਜਿੰਦਾਂ ਤਾਂ 6 ਅਪਰੈਲ ਨੂੰ ਹੀ ਕਿਲ੍ਹੇ ਵਿੱਚੋਂ ਨਿਕਲ ਚੁਕੀ ਸੀ।
ਚਿਨਾਰ ਵਿਚੋਂ ਨਿਕਲ ਕੇ ਰਾਣੀ ਜਿੰਦਾਂ ਪਹਿਲਾਂ ਪਟਨਾ ਪੁੱਜੀ ਤੇ ਫਿਰ ਨੈਪਾਲ ਨੂੰ ਚਲੀ ਗਈ। ਉਹ 29 ਅਪਰੈਲ 1849 ਦੇ ਦਿਨ ਕਠਮੰਡੂ ਪੁੱਜੀ। ਇੱਥੇ ਉਸ ਨੇ ਨੈਪਾਲ ਦੇ ਰਾਜੇ ਤੋਂ ਅੰਗਰੇਜ਼ਾਂ ਦੇ ਖ਼ਿਲਾਫ਼ ਮਦਦ ਮੰਗੀ ਪਰ ਉਸ ਵਿਚਾਰੇ ਕੋਲ ਏਡੀ ਵੱਡੀ ਤਾਕਤ ਦੇ ਖ਼ਿਲਾਫ਼ ਖੜ੍ਹੇ ਹੋਣ ਜੋਗੀ ਜਾਨ ਕਿੱਥੇ ਸੀ? ਰਾਣੀ ਜਿੰਦਾਂ ਨੇ ਜੰਮੂ ਦੇ ਗੁਲਾਬ ਸਿੰਹ ਡੋਗਰਾ ਨਾਲ ਵੀ ਰਾਬਤਾ ਬਣਾਇਆ ਪਰ ਉਹ ਤਾਂ ਖ਼ੁਦ ਅੰਗਰੇਜ਼ਾਂ ਦੇ ਨਾਲ ਮਿਲਿਆ ਹੋਇਆ ਸੀ (ਜਿੰਦਾਂ ਏਨੀ ਭੋਲੀ ਸੀ ਕਿ ਉਹ ਆਪਣੇ ਸਭ ਤੋਂ ਵੱਡੇ ਦੁਸ਼ਮਣਾਂ ਨੂੰ ਵੀ ਨਹੀਂ ਪਛਾਣਦੀ ਸੀ)। ਗੁਲਾਬ ਸਿੰਹ ਨੇ ਰਾਣੀ ਦੀ ਮਦਦ ਕਰਨ ਦੀ ਬਜਾਇ ਇਹ ਸਾਰੀ ਜਾਣਕਾਰੀ ਅੰਗਰੇਜ਼ਾਂ ਨੂੰ ਦੇ ਦਿੱਤੀ।
ਸਾਰੇ ਪਾਸਿਓਂ ਬੇ-ਉਂਮੀਦ ਹੋ ਕੇ ਅਖ਼ੀਰ ਰਾਣੀ ਨੇ ਹੌਸਲਾ ਛੱਡ ਦਿੱਤਾ। 1856 ਵਿਚ ਰਾਣੀ ਨੇ ਅੰਗਰੇਜ਼ਾਂ ਤਕ ਪਹੁੰਚ ਕਰ ਕੇ ਆਪਣੇ ਪੁੱਤਰ ਕੋਲ ਇੰਗਲੈਂਡ ਜਾਣ ਦੀ 'ਇਜਾਜ਼ਤ' ਮੰਗੀ। ਪਰ ਅੰਗਰੇਜ਼ਾਂ ਨੇ ਉਸ ਨੂੰ ਇਸ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ। ਉਹ ਨਹੀਂ ਸੀ ਚਾਹੁੰਦੇ ਕਿ ਜਿੰਦਾਂ ਦਲੀਪ ਸਿੰਘ ਕੋਲ ਜਾਵੇ ਤੇ ਉਸ ਦੇ ਅੰਦਰ ਸਿੱਖ-ਜਜ਼ਬਾਤ ਮੁੜ ਜ਼ਿੰਦਾ ਕਰੇ। 1857 ਵਿਚ ਕੁਝ ਰਜਵਾੜਿਆਂ ਤੇ ਹੋਰਨਾਂ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਬਗ਼ਾਵਤ ਕਰ ਦਿੱਤੀ। ਕਿਉਂਕਿ ਰਾਣੀ ਨੂੰ ਅੰਗਰੇਜ਼ਾਂ ਨੇ ਪੱਲਾ ਨਹੀਂ ਸੀ ਫ਼ੜਾਇਆ ਇਸ ਵਾਸਤੇ ਰਾਣੀ ਨੇ ਕੁਝ ਸਿੱਖਾਂ ਨੂੰ ਖ਼ਤ ਵੀ ਲਿਖ ਕੇ ਇਨ੍ਹਾਂ ਗ਼ਦਰੀਆਂ ਦੀ ਮਦਦ ਕਰਨ ਵਾਸਤੇ ਕਿਹਾ। ਪਰ ਇਸ ਵੇਲੇ ਤਕ ਆਮ ਸਿੱਖ ਨਿਰਾਸ ਹੋ ਕੇ ਬੈਠ ਚੁਕੇ ਸਨ ਤੇ ਉਹ ਕੋਈ ਰੋਲ ਅਦਾ ਕਰਨ ਦੀ ਰੌਅ ਵਿਚ ਨਹੀਂ ਸਨ। ਦੂਜਾ 1857 ਦੇ ਗ਼ਦਰ ਵਿਚ ਮੁਗ਼ਲ ਬਾਦਸ਼ਾਹ, ਮੁਤੱਸਬੀ ਮੌਲਵੀ ਤੇ ਪੂਰਬੀਏ (ਹਿੰਦੂਸਤਾਨੀ) ਰਜਵਾੜੇ, ਜਗੀਰਦਾਰ ਤੇ ਫ਼ੌਜੀ ਸ਼ਾਮਿਲ ਸਨ। ਇਨ੍ਹਾਂ ਵਿਚੋਂ ਬਹੁਤੇ ਉਹੀ ਫ਼ੌਜੀ ਸਨ ਜਿਨ੍ਹਾਂ ਨੇ ਲਾਹੌਰ ’ਤੇ ਅੰਗਰੇਜ਼ੀ ਫ਼ੌਜ ਦੇ ਹਮਲੇ ਵਿਚ ਸਿੱਖਾਂ ਦੇ ਖ਼ਿਲਾਫ਼ ਜੰਗ ਲੜੀ ਸੀ ਤੇ ਪੰਜਾਬ ਨੂੰ ਅੰਗਰੇਜ਼ਾਂ ਦਾ ਗ਼ੁਲਾਮ ਬਣਾਇਆ ਸੀ। ਖ਼ੈਰ, ਪੰਜਾਬ ਹੀ ਨਹੀਂ ਮਹਾਂਰਾਸ਼ਟਰ, ਰਾਜਪੂਤਾਨਾ, ਮਦਰਾਸ ਤੇ ਦਰਜਨਾਂ ਹੋਰ ਹਿੰਦੂ ਰਾਜਿਆਂ ਨੇ ਵੀ ਗ਼ਦਰੀਆਂ ਦਾ ਸਾਥ ਨਾ ਦਿੱਤਾ। ਇਸ ਕਰ ਕੇ ਗ਼ਦਰ ਫ਼ੇਲ੍ਹ ਹੋ ਗਿਆ। ਇਸ ਮਗਰੋਂ ਰਾਣੀ ਦੀ ਇਹ ਆਸ ਵੀ ਖ਼ਤਮ ਹੋ ਗਈ।
1860 ਵਿਚ ਰਾਣੀ ਨੇ ਫੇਰ ਅੰਗਰੇਜ਼ੀ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਨੂੰ ਆਪਣੇ ਪੁੱਤਰ ਕੋਲ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਵਕਤ ਰਾਣੀ ਦੀ ਉਮਰ ਚਾਲ੍ਹੀ ਸਾਲ ਦੇ ਕਰੀਬ ਸੀ। ਉਹ ਸਾਰੇ ਪਾਸਿਓਂ ਹਾਰ ਚੁਕੀ ਸੀ, ਬੇਦਿਲ ਹੋ ਚੁਕੀ ਸੀ ਤੇ ਸਾਰੀਆਂ ਉਂਮੀਦਾਂ ਖ਼ਤਮ ਕਰ ਚੁਕੀ ਸੀ। ਅੰਗਰੇਜ਼ ਇਹ ਸਾਰਾ ਕੁਝ ਜਾਣਦੇ ਸਨ। ਉਧਰ ਦਲੀਪ ਸਿੰਘ ਸਿੱਖੀ ਜਾਂ ਰਾਜ ਕਰਨ ਦੇ ਸੁਫ਼ਨੇ ਭੁੱਲ ਚੁਕਾ ਸੀ ਤੇ ਇੰਗਲੈਂਡ ਵਿਚ ਇਕ ਆਮ ਅੱਯਾਸ਼ ਈਸਾਈ ਸ਼ਹਿਜ਼ਾਦੇ ਵਾਂਗ ਜੀਅ ਰਿਹਾ ਸੀ। ਅੰਗਰੇਜ਼ ਮਹਿਸੂਸ ਕਰਦੇ ਸਨ ਕਿ ਹੁਣ ਰਾਣੀ ਦਲੀਪ ਸਿੰਘ ’ਤੇ ਕੋਈ ਅਸਰ ਨਹੀਂ ਪਾ ਸਕੇਗੀ। ਅਖ਼ੀਰ ਉਨ੍ਹਾਂ ਨੇ 1861 ਵਿਚ ਰਾਣੀ ਨੂੰ ਇੰਗਲੈਂਡ ਜਾਣ ਦੀ ਇਜਾਜ਼ਤ ਦੇ ਦਿੱਤੀ। ਕੁਝ ਮਹੀਨਿਆਂ ਮਗਰੋਂ ਦਲੀਪ ਸਿੰਘ ਬੰਬਈ ਆਇਆ ਅਤੇ ਆਪਣੀ ਮਾਂ ਨੂੰ 13 ਸਾਲ ਮਗਰੋਂ ਮਿਲਿਆ। ਇਸ ਵੇਲੇ ਉਸ ਨੇ ਸਿਰ-ਮੂੰਹ ਮੁੰਨਿਆ ਹੋਇਆ ਸੀ। ਪੁੱਤਰ ਨੂੰ ਇਸ ਰੂਪ ਵਿਚ ਵੇਖ ਕੇ ਉਹ ਭੁੱਬਾਂ ਮਾਰ ਕੇ ਰੋਈ। ਪਰ ਉਸ ਦੇ ਰੋਣ ਦਾ ਦਲੀਪ ਸਿੰਘ ’ਤੇ ਕੋਈ ਅਸਰ ਨਾ ਹੋਇਆ ਅਤੇ ਉਸ ਨੇ ਸਿੱਖੀ ਸਰੂਪ ਵਿਚ ਆਉਣ ਦਾ ਫੋਕਾ ਵਾਅਦਾ ਵੀ ਨਾ ਕੀਤਾ। ਦਲੀਪ ਸਿੰਘ ਉਸ ਨੂੰ ਆਪਣੇ ਨਾਲ ਇੰਗਲੈਂਡ ਜ਼ਰੂਰ ਲੈ ਗਿਆ। ਉਹ 4 ਮਈ 1861 ਨੂੰ ਇੰਗਲੈਂਡ ਵਾਸਤੇ ਰਵਾਨਾ ਹੋਏ ਤੇ ਜੁਲਾਈ ਵਿਚ ਉੱਥੇ ਪਹੁੰਚ ਗਏ। ਪੁੱਤਰ ਕੋਲ ਪੁੱਜ ਕੇ ਵੀ ਰਾਣੀ ਵਿਚਾਰੀ ਉਦਾਸ ਹੋਣ ਤੋਂ ਸਿਵਾ ਕੁਝ ਵੀ ਨਹੀਂ ਸੀ ਕਰ ਸਕਦੀ। ਉਹ ਅਕਸਰ ਰੋਂਦੀ ਰਹਿੰਦੀ ਸੀ। ਅਖ਼ੀਰ ਝੁਰਦੀ, ਰੋਂਦੀ, ਤੜਫ਼ਦੀ ਰਾਣੀ ਜਿੰਦਾਂ ਆਪਣੀਆਂ ਅੱਖਾਂ ਦੀ ਜੋਤਿ ਵੀ ਗੁਆ ਬੈਠੀ ਤੇ ‘ਹੱਡੀਆਂ ਦੀ ਮੁੱਠ’ ਬਣ ਕੇ ਰਹਿ ਗਈ। ਇਹ ਵੀ ਹੋ ਸਕਦਾ ਹੈ ਕਿ ਅੰਗਰੇਜ਼ਾਂ ਨੇ ਡਾਕਟਰਾਂ ਰਾਹੀਂ ਉਸ ਨੂੰ ਦਵਾਈਆਂ ਦੇ ਨਾਂ ’ਤੇ ਜ਼ਹਿਰ ਦੇ ਕੇ ਉਸ ਦਾ ਕੰਡਾ ਕੱਢਣ ਦੀ ਕੋਸ਼ਿਸ਼ ਕੀਤੀ ਹੋਵੇ। ਉਹ ਬਹੁਤੀ ਦੇਰ ਜਿਊਂਦੀ ਨਾ ਰਹੀ ਤੇ ਦੋ ਸਾਲ ਦੇ ਅੰਦਰ-ਅੰਦਰ, ਪਹਿਲੀ ਅਗਸਤ 1863 ਦੇ ਦਿਨ, ਇੰਗਲੈਂਡ ਵਿਚ ਹੀ ਚੜ੍ਹਾਈ ਕਰ ਗਈ। ਇੰਞ (ਲਾਰਡ ਡਲਹੌਜ਼ੀ ਦੇ ਲਫ਼ਜ਼ਾਂ ਵਿਚ) “ਪੰਜਾਬ ਦੀ ਇੱਕੋ-ਇਕ 'ਮਰਦ' ਸ਼ਖ਼ਸੀਅਤ” ਦਿਲਗੀਰ ਹੋ ਕੇ ਇਸ ਦੁਨੀਆਂ ਤੋਂ ਚਲੀ ਗਈ। ਉਸ ਦੀਆਂ ਅਸਥੀਆਂ ਜਲ-ਪ੍ਰਵਾਹ ਕਰਨ ਵਾਸਤੇ ਅੰਗਰੇਜ਼ਾਂ ਨੇ ਉਸ ਦੇ ਪੁੱਤਰ ਨੂੰ ਸਿਰਫ਼ ਬੰਬਈ ਤਕ ਆਉਣ ਦੀ ਇਜਾਜ਼ਤ ਦਿੱਤੀ ਤੇ ਪੰਜਾਬ ਵੱਲ ਮੂੰਹ ਵੀ ਨਾ ਕਰਨ ਦਿੱਤਾ।
No comments:
Post a Comment