ਭਗਤ ਸਿੰਘ ਹੀਰਾ ਨੇ ਗੱਲ ਥੋੜ੍ਹੀ ਜਿਆਦਾ ਡੁੰਘਾਈ ਵਿੱਚ ਕੀਤੀ ਹੈ।ਇਹ ਸਮਝਣੀ ਏਨੀ ਸੌਖੀ ਨਹੀਂ।ਪਰ ਗੱਲ ਸਹੀ ਹੈ। ਮੈਂ ਵੀ ਇਸ ਨੂੰ ਹਾਲੇ ਚੰਗੀ ਤਰ੍ਹਾਂ ਸਮਝ ਨਹੀਂ ਸਕਿਆ।ਸਮਾਂ ਕਢਕੇ ਫੇਰ ਸਮਝਣ ਦੀ ਕੋਸ਼ਿਸ਼ ਕਰਾਂਗਾ।ਹੇਠਾਂ ਮੈਂ ਗਿਆਨੀ ਦਿੱਤ ਸਿੰਘ ਜੀ ਦੀ, ‘ਸਾਧੂ ਦਯਾਨੰਦ ਅਤੇ ਮੇਰਾ ਸੰਵਾਦ ਵਿੱਚੋਂ ਕੁਝ ਅੰਸ਼ ਭੇਜ ਰਿਹਾ ਹਾਂ। ਦੋਨਾਂ ਲਿਖਤਾਂ ਨੂੰ ਕੰਪੇਅਰ ਕਰਕੇ ਨਿਚੋੜ ਕਢ ਸਕਦੇ ਹੋ।ਨਾਲ ਬਰੈਕਟ {} ਵਿੱਚ ਮੈਂ ਆਪਣੇ ਵੱਲੋਂ ਵਿਚਾਰ ਪੇਸ਼ ਕਰ ਰਿਹਾ ਹਾਂ-
1- ਪ੍ਰਾ ਬਾਣੀ ਓਹ ਹੈ ਜੋ ਅਨਊਦ ਭੂਤ ‘ਸੰਸਕਾਰ ਰੂਪ’ ਹੋ ਕੇ ਪੁਰਖ ਦੇ ਹਿਰਦੇ ਵਿੱਚ ਰਹਿੰਦੀ ਹੈ।ਅਰਥਾਤ ਉਸ ਦਾ ਸੰਸਕਾਰ ਤਾਂ ਰਿਦੇ ਵਿੱਚ ਹੁੰਦਾ ਹੈ, ਪ੍ਰੰਤੂ ਪ੍ਰਗਟ ਨਹੀਂ ਹੁੰਦੀ।ਜੈਸਾ ਕਿ ਬਾਤਾਂ ਸਾਡੇ ਯਾਦ ਹਨ ਕਿੰਤੂ ਉਨ੍ਹਾਂ ਦੀ ਸਿੰਮ੍ਰਤੀ ਜਿਤਨਾ ਚਿਰ ਨਾ ਹੋਵੇ ਉਤਨਾ ਚਿਰ ਉਹ ਅਨ ਹੋਈਆਂ ਦੇ ਸਮਾਨ ਹੁੰਦੀਆਂ ਹਨ।ਇਸ ਵਾਸਤੇ ‘ਪ੍ਰਾ’ ਬਾਣੀ ਦਾ ਗਿਆਨ ਸਿੰਮ੍ਰਤੀ ਹੋਏ ਤੇ ਬਿਨਾ ਉਸ ਦੇ ਆਸਰੇ {ਅੁਹਸਾਸ} ਅੰਤਹ ਕਰਨ ਜਾਂ ਪੁਰਖ ਨੂੰ {ਖੁਦ ਨੂੰ) ਭੀ ਨਹੀਂ ਹੋ ਸਕਦਾ।ਇਹ ਪਹਿਲੀ ਬਾਣੀ ਅਤਿ ਗੁਪਤ ਹੈ ਅਰ ਉਸ ਦਾ ਗਿਆਨ ਉਸਦੇ ਆਸਰੇ ਸਥੂਲ ਸਰੀਰ ਅਤੇ ਅੰਤਹਕਰਨ ਨੂੰ ਭੀ ਨਹੀਂ ਹੈ
{ਸੰਸਕਾਰ ਰੂਪ ਦਾ ਮਤਲਬ ਹੈ- ਜਿਵੇਂ ਸ਼ੇਰੂ ਸ਼ੁਰੂ ਵਿੱਚ ਆਪਾਂ ਕਾਰ ਚਲਾਉਣੀ ਸਿੱਖਦੇ ਹਾਂ।ਆਪਾਂ ਨੂੰ ਕਲੱਚ, ਗੇਅਰ, ਬਰੇਕ… ਹਰ ਗੱਲ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ।ਪਰ ਹੌਲੀ ਹੌਲੀ ਅਸੀਂ ਕਾਰ ਚਲਾਉਣ ਵਿੱਚ ਏਨੇ ਪ੍ਰਬੀਨ ਹੋ ਜਾਂਦੇ ਹਾਂ ਕਿ ਅਸੀਂ ਨਾਲ ਬੈਠੇ ਸਾਥੀ ਨਾਲ ਗੱਲਾਂ ਵੀ ਕਰੀ ਜਾਂਦੇ ਹਾਂ।ਹੋਰ ਕਈ ਕਿਸਮ ਦੇ ਮਸਲੇ ਦੀ ਦਿਮਾਗ਼ ਵਿੱਚ ਸੁਲਝਾਈ ਜਾਂਦੇ ਹਾਂ। ਪਰ ਕਾਰ ਦੇ ਕਲੱਚ, ਗੇਅਰ, ਬਰੇਕ ਆਦਿ ਵੱਲ ਕੋਈ ਉਚੇਚਾ ਧਿਆਨ ਦੇਣ ਦੀ ਜਰੂਰਤ ਨਹੀਂ ਪੈਂਦੀ।ਕਿਉਂਕਿ ਕਾਰ ਚਲਾਉਣ ਦੀ ਕਿਰਿਆ ਸੰਸਕਾਰ ਰੂਪ ਵਿੱਚ ਸਾਡੇ ਹਿਰਦੇ ਵਿੱਚ ਉਕਰ ਚੁੱਕੀ ਹੁੰਦੀ ਹੈ।
ਪਿਛਲੇ ਜਨਮ ਦੇ ਕਰਮਾਂ ਦੇ ਆਧਾਰ ਤੇ ਪ੍ਰਭੂ ਦੁਆਰਾ ਲਿਖੇ ਗਏ ਸਾਡੇ ਲੇਖ ਵੀ ਸੰਸਕਾਰ ਰੂਪ ਵਿੱਚ ਸਾਡੇ ਅੰਤਹਕਰਨ ਤੇ ਉਕਰੇ ਪਏ ਹਨ।ਉਹ ਸੰਸਕਾਰ ਪ੍ਰਾ-ਰੂਪ (ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ= ਪ੍ਰਾ) ਵਿੱਚ ਹੋਣ ਕਰਕੇ ਸਾਡੀ ਸਿਮ੍ਰਤੀ ਵਿੱਚ ਨਹੀਂ ਹਨ, ਪਰ ਪ੍ਰੇਰਣਾ ਰੂਪ ਵਿੱਚ ਆਪਣਾ ਕੰਮ ਕਰ ਹਰੇ ਹਨ। ਨੋਟ: ਪਿਛਲੇ ਜਨਮ ਦੇ ਸੰਸਕਾਰਾਂ ਵਾਲਾ ਵਿਸ਼ਾ ਇਸ ਚੱਲਦੇ ਵਿਸ਼ੇ ਨਾਲ ਸੰਬੰਧਤ ਨਹੀਂ ਹੈ, ਸਿਰਫ ਜਾਣਕਾਰੀ ਲਈ ਇਥੇ ਲਿਖਿਆ ਹੈ।}
2- ਦੂਸਰੀ ਬਾਣੀ ਪਸੰਤੀ (ਪਸ਼ਯੰਤੀ) ਹੈ ਉਹ ਉਦਭਵ ਸੰਸਕਾਰ ਦਾ ਨਾਮ ਹੈ।ਜਿਸ ਦਾ ਤਾਤ ਪਰਯ ਇਹ ਹੈ ਕਿ ਜਦ ਕਿਸੀ ਨਮਿੱਤ ਨੂੰ ਲੈ ਕੇ ਯਾਂ ਸੁਭਾਵਕ ਹੀ ਕੋਈ ਖਿਆਲ ਰਿਦੇ ਵਿੱਚ ਉਤਪਤ ਹੋ ਜਾਂਦਾ ਹੈ, ਤਦ ਉਸ ਦਾ ਨਾਉਂ ‘ਪਸੰਤੀ ਬਾਣੀ’ ਆਖਦੇ ਹਨ।ਕਿਉਂਕਿ ਇਹ ਵਾਰਤਾ ਹਰ ਇੱਕ ਪੁਰਖ ਪ੍ਰਤੀ ਅਨੁਭਵ ਸਿੱਧ ਹੈ ਜੋ ਕਿ ਉਹ ਇਕਾਂਤ ਸਥਾਨ ਵਿੱਚ ਬੈਠਾ ਕਈ ਪ੍ਰਕਾਰ ਦੀਆਂ ਬਾਤਾਂ ਜਿਹੜੀਆਂ ਹੋ ਚੁਕੀਆਂ ਅਰ ਹੁੰਦੀਆਂ ਅਤੇ ਹੋਣ ਵਾਲੀਆਂ ਹਨ ਉਹਨਾਂ ਦਾ ਚਿੰਤਨ ਕਰ ਸਕਦਾ ਹੈ ਜਿਸ ਤੇ ਉਸਦਾ ਨਾਮ ਇਸ ਪ੍ਰਕਾਰ ਸੂਖਮ ਰੂਪ ਬਾਣੀ ਹੋਣ ਤੇ ਪਸੰਤੀ ਕਰਕੇ ਸੱਦਦੇ ਹਨ।
{ ਜਿਵੇਂ ਪੇੜ ਤੋਂ ਸੇਬ ਹੇਠਾਂ ਡਿੱਗਦਾ ਹੈ, ਸਾਰੇ ਦੇਖਦੇ ਹਨ। ਪਰ ਨਿਊਟਨ ਵਰਗਾ ਕੋਈ ਵਿਦਵਾਨ ਇਸ ਬਾਰੇ ਵਧੇਰੇ ਸੋਚ ਵਿਚਾਰ ਅਤੇ ਚਿੰਤਨ ਕਰਦਾ ਹੈ। ਪਰ ਇਹ ਚਿੰਤਨ ਹਾਲੇ ਕਿਸੇ ਪੁਖਤਾ ਜਾਂ ਠੋਸ ਸਿੱਟੇ ਤੇ ਨਹੀਂ ਪਹੁੰਚਿਆ ਹੁੰਦਾ, ਸੂਖਮ ਰੂਪ ਵਿੱਚ ਚਿੰਤਨ ਹੀ ਚੱਲ ਰਿਹਾ ਹੁੰਦਾ ਹੈ}
3- ਮਧਮਾ – ਮਧਮਾ ਦਾ ਅਰਥ ਹੈ ‘ਵਿਚਕਾਰ ਵਾਲੀ’ ਜਿਸ ਦਾ ਭਾਵ ਇਹ ਹੈ ਕਿ ਜਦ ਇਹ ਪਸੰਤੀ ਚਿੰਤਨ ਕਰਨ ਦੁਆਰਾ ਅਗਲੀ ਅਵਸਥਾ ਨੂੰ ਪਹੁੰਚਦੀ ਹੈ ਤਦ ਆਪਣੇ ਮਨੋਰਥ ਨੂੰ ਪ੍ਰਗਟ ਕਰਨ ਲਈ ਕੰਠ ਵਿੱਚ ਆ ਜਾਂਦੀ ਹੈ।ਫੇਰ ਉਸ ਦਾ ਨਾਮ ‘ਮਧਮਾ’ ਕਰਕੇ ਸੱਦਿਆ ਜਾਂਦਾ ਹੈ।ਜਿਸ ਤੇ ਹਰ ਇਕ ਆਦਮੀ ਆਖਦਾ ਸੁਣਿਆ ਜਾਂਦਾ ਹੈ ਕਿ ਮੈਂ ਫਲਾਨੀ ਬਾਤ ਨੂੰ ਆਖਣਾ ਸੀ।ਪਰ ਮੇਰੇ ਕੰਠ ਵਿੱਚ ਹੀ ਰਹਿ ਗਈ, ਕਿਉਂਕਿ ਇਹ ਬਾਣੀ ਪ੍ਰਾ ਅਤੇ ਪਸੰਤੀ ਨਾਲੋਂ ਵਧ ਕੇ ਕੰਠ ਵਿੱਚ ਆ ਗਈ ਹੈ।ਇਸ ਵਾਸਤੇ ਇਸ ਦਾ ਨਾਉਂ ਮੱਧਮਾ ਕਰਕੇ ਆਖਿਆ ਜਾਂਦਾ ਹੈ।
{ ਸਾਡੇ ਸੂਖਮ ਵਿਚਾਰਾਂ ਦੀ ਉਧੇੜ-ਬੁਣ ਤੋਂ ਦੂਸਰਿਆਂ ਤੱਕ ਵਿਅਕਤ ਕਰਨ ਲਈ ਪੁਖਤਾ ਵਿਚਾਰ ਘੜੇ ਜਾ ਚੁਕੇ ਹੁੰਦੇ ਹਨ, ਪਰ ਹਾਲੇ ਇਹ ਵਿਚਾਰ ਸਾਡੇ ਨਿਜ ਤੱਕ ਹੀ ਸੀਮਿਤ ਹੁੰਦੇ ਹਨ।ਲਿਖਕੇ ਜਾਂ ਬੋਲ ਕੇ ਦੂਸਰੇ ਤੱਕ ਵਿਅਕਤ ਨਹੀਂ ਕੀਤੇ ਹੁੰਦੇ}
4- ਚੌਥੀ ਬੈਖਰੀ ਬਾਣੀ ਓਹ ਹੈ ਜਿਸ ਨੂੰ ਮਨੁੱਖ ਆਪਣੇ ਮੁੱਖ ਦੁਅਰਾ ਬੋਲਕੇ ਸਭ ਪਰ ਪ੍ਰਗਟ ਕਰ ਦੇਂਦਾ ਹੈ।ਅਰ ਇਹ ਅੱਖਰ ਰੂਪ ਹੋ ਕੇ ਸਾਰੇ ਬਿਖਰ ਜਾਂਦੀ ਹੈ।ਕਿਉਂਕਿ ਜਿਸ ਵੇਲੇ ਪੁਰਖ ਕਿਸੇ ਪਾਸ ਆਪਣੇ ਮਨੋਰਥ ਨੂੰ ਬਾਣੀ ਨਾਲ ਪ੍ਰਗਟ ਕਰੇਗਾ ਤਦ ਇਹ ਬਾਤ ਜਰੂਰੀ ਹੋਵੇਗੀ ਜੋ ਉਹ ਅੱਖਰ ਬੋਲਦਾ ਚਲਿਆ ਜਾਏਗਾ ਜਿਸ ਤੇ ਓਹ ਜੁਦੇ ਜੁਦੇ ਅੱਖਰ ਆਪਸ ਵਿੱਚ ਮਿਲਕੇ ਪਦ ਬਨਾਉਂਦੇ ਰਹਿਣਗੇ ਅਰ ਓਹ ਪਦ ਅੱਗੇ ਵਾਕ ਬਣਦੇ ਜਾਣਗੇ।ਜਿਸ ਤੇ ਇੱਕ ਬਾਣੀ ਦੀ ਸੂਰਤ ਬਣ ਜਾਏਗੀ……।
{ਬੈਖਰੀ ਦਾ ਮਤਲਬ ਹੈ ਬਿਖਰੀ ਹੋਈ। ਅਰਥਾਤ ਬਾਣੀ ਬੋਲੀ ਜਾ ਕੇ ਜਾਂ ਲਿਖੀ ਜਾ ਕੇ ਸੰਸਾਰ ਵਿੱਚ ਬਿਖਰ ਜਾਂਦੀ ਹੈ।ਇਸ ਲਈ ਇਸ ਬਾਣੀ ਦਾ ਨਾਲ ਹੈ ਬੈਖਰੀ}
{ਗਿਆਨੀ ਦਿੱਤ ਸਿੰਘ ਨੇ ਸਾਧੂ ਦਯਾ ਨੰਦ ਦੇ ਇਸ ਦਾਅਵੇ ਦਾ ਖੰਡਣ ਕਰਨ ਦੇ ਸੰਦਰਭ ਵਿੱਚ ਇਹ ਵਿਚਾਰ ਦਿੱਤੇ ਹਨ ਕਿ ਵੇਦ ਪਰਮਾਤਮਾ ਦੁਆਰਾ ਰਚੇ ਗਏ ਹਨ, ਅਤੇ ਭਗਤ ਸਿੰਘ ਹੀਰਾ ਨੇ ਜਨਰਲ ਵੇ ਵਿੱਚ ਵਿਚਾਰ ਦਿੱਤੇ ਹਨ।ਦੋਨਾਂ ਵਿਦਵਾਨਾਂ ਦੇ ਵਿਚਾਰਾਂ ਨੂੰ ਮਿਲਾ ਕੇ ਪੜ੍ਹਨ ਨਾਲ ਗੱਲ ਹੋਰ ਵੀ ਵਧੇਰੇ ਸਮਝ ਆ ਸਕਦੀ ਹੈ।
ਮੈਂ ਇਹਨਾਂ ਵਿਚਾਰਾਂ ਦੇ ਨਾਲ ਆਪਣੇ ਵੱਲੋਂ ਥੋੜ੍ਹੇ ਵਿਚਾਰ ਜੋੜਕੇ ਪੇਸ਼ ਕਰਨੇ ਚਾਹਾਂਗਾ ਕਿ- ਪਰਮਾਤਮਾ ਤੋਂ ਸਾਨੂੰ ਸਭ ਨੂੰ ਸੂਖਮ ਰੂਪ ਵਿੱਚ ਵਿਚਾਰ ਆਉਂਦੇ ਹਨ।ਪਰ ਅਸੀਂ ਦੁਨਿਆਵੀ ਝਮੇਲਿਆਂ ਵਿੱਚ ਫਸੇ ਹੋਣ ਕਰਕੇ ਧੁਰੋਂ ਆਏ ਵਿਚਾਰਾਂ ਨੂੰ ‘ਪਰਾ’ ਅਵਸਥਾ ਤੋਂ ‘ਪਸੰਤੀ’ ਅਵਸਥਾ ਤੱਕ ਲੈ ਜਾਣ ਤੋਂ ਪਹਿਲਾਂ ਹੀ ਦਫਨ ਕਰ ਦਿੰਦੇ ਹਾਂ।ਸਾਡੇ ਲਈ ਧੁਰੋਂ ਆਏ ਸ਼ਬਦ ਜਾਂ ਹੁਕਮ ਨਾ ਆਏ ਸਮਾਨ ਰੀ ਰਹਿ ਜਾਂਦਾ ਹੈ।ਜਦੋਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ‘ਮੇਰਾ ਗੁਰੂ ਸ਼ਬਦ ਹੈ’ ਤਾਂ ਇਸ ਦਾ ਮਤਲਬ ਹੈ ਕਿ ਗੁਰੂ ਸਾਹਿਬ ਦੀ ਸੁਰਤ ਪ੍ਰਭੂ ਨਾਲ ਜੁੜੀ ਹੋਣ ਕਰਕੇ ‘ਪਰਾ ਬਾਣੀ’ ਰੂਪ ਵਿੱਚ ਉਸ ਧੁਰੋਂ ਆਏ ਸ਼ਬਦ ਨੂੰ ਸਮਝਣ, ਮੰਨਣ ਅਤੇ ਬੈਖਰੀ ਰੂਪ ਵਿੱਚ ਦੂਸਰਿਆਂ ਤੱਕ ਵਿਅਕਤ ਕਰਨ ਦੇ ਸਮਰੱਥ ਹਨ।}
ਵੀਰ ਜੀ! ਜੇ ਕੋਈ ਗੱਲ ਗ਼ਲਤ ਲੱਗੇ ਜਾਂ ਵਧੇਰੇ ਵਿਸਥਾਰ ਨਾਲ ਸਮਝਣੀ ਚਾਹੋ ਤਾਂ ਬੇ ਝਿਜਕ ਕਹਿ ਦੇਣਾ ਜੀ। ਤੁਹਾਡੀ ਸਮਝ ਮੁਤਾਬਕ ਵਿਚਾਰ ਕੁਝ ਹੋਰ ਹੋਣ ਤਾਂ ਜਰੂਰ ਸਾਂਝੇ ਕਰਨੇ, ਆਪ ਜੀ ਨਾਲ ਵਿਚਾਰ ਵਟਾਂਦਰਾ ਕਰਕੇ ਮੈਨੂੰ ਖੁਸ਼ੀ ਹੁੰਦੀ ਹੈ ਅਤੇ ਖੁਸ਼ੀ ਹੋਵੇਗੀ।
ਜਸਬੀਰ ਸਿੰਘ ਵਿਰਦੀ
Jasbir Singh ji thanks for sharing your views..
ReplyDeleteAlso please share your email.
ReplyDelete